
ਇੱਕ ਖਤ
ਮੈਂ ਬੂਹਾ ਖੂੱਲਾ ਛੱਡ
ਸਰਦਲ ਤੇ ਬੈਠ
ਉਡੀਕਦਾ ਰਿਹਾ ਤੈਨੂੰ
ਕਦੇ ਭੁੱਲ ਕੇ ਰਾਹ , ਆਵੇਂਗਾ ਮੇਰੇ ਵਿਹੜੇ
ਵਰਿਹਆਂ ਦੀ ਉਡੀਕ ਬਾਅਦ ਪਤਾ ਲੱਗਾ
ਕਿ ਤੂੰ ਤਾਂ ਆਪਣੇ ਘਰ ਵੀ ਨਹੀਂ
ਤੈਨੂੰ ਘਰ ਮੋੜਨ ਤੁਰਿਆ
ਅੱਖਾਂ ਨੂੰ ਤੇਰਾ ਪਰਛਾਵਾਂ ਦਿਸਿਆ
ਸਿਰਫ ਤੇਰਾ ਪ੍ਰਛਾਵਾਂ
ਤੇ ਉਸ ਵਿੱਚ
ਬੇਚੈਨੀ, ਤੜਪ, ਭਟਕਣਾ
ਇਹ ਪਰਛਾਵਾਂ ਸ਼ੁਰੂ ਕਿਥੋਂ ਹੋਇਆ
ਉਹ ਥਾਂ ਤਾਂ ਨਾ ਲੱਭੀ
ਹਰ ਵਾਰ ਉਹ ਜਗਾਹ ਮਿਲ਼ ਜਾਂਦੀ
ਜਿਸ ਲਈ ਤੇਰਾ ਪਰਛਾਵਾਂ
ਤੜਫਦਾ ਸੀ
ਮੈਂ ਖਿੱਚ ਧੂਹ ਕੇ ਉਸ ਮੰਜ਼ਿਲ ਨੂੰ
ਤੇਰੇ ਪਰਛਾਵੇਂ ਨੇੜੇ ਕਰਦਾ
ਤੇਰੀ ਕਾਂ ਖਾ ਕੇ ਜੰਮੀ ਪਿਆਸ
ਨਵੇਂ ਨਿਸ਼ਾਨੇ ਲਈ ਫਿਰ ਭਟਕ ਉਠਦੀ
ਤੇਰੀ ਹਰ ਚਾਹਤ ਨੂੰ ਮੈਂ
ਤੇਰੇ ਬੂਹੇ ਅੱਗੇ ਲਿਆ ਰੱਖਿਆ
ਤੂੰ ਫਿਰ ਵੀ ਘਰ ਨਾ ਮੁੜਿਆ
.........ਯਾਦ ਕਰ ਉਹ ਖਿਣ
ਜਦ ਤੂੰ ਮੈਨੂੰ ਪੁਛਿਆ ਸੀ
ਸਾਡੇ ਵਿਚਲੇ ਰਿਸ਼ਤੇ ਦਾ ਨਾਮ
ਤੇ ਤੂੰ
ਉਸ ਰਿਸ਼ਤੇ ਦਾ ਨਾਮ ਪੁੱਛ ਕੇ ਹੀ ਸਾਹ ਲਿਆ ਸੀ
......ਤੇ ਅੱਜ ਤੇਰੇ ਭਟਕਦੇ ਪਰਛਾਵੇਂ ਦੇ ਪੈਰੀਂ
ਆਪਣਾ ਆਪ ਭੇਟ ਰੱਖ ਮੈਂ ਪੁਛਦਾ ਹਾਂ
ਉਸ ਰਿਸ਼ਤੇ ਦੇ ਨਾਮ ਦੀ ਸਾਰਥਿਕਤਾ
ਤਾਂ ਤੈਨੂੰ ਤੇਰੇ ਰਿਸ਼ਤਿਆਂ ਦੇ ਸ਼ਬਦਕੋਸ਼ ਵਿੱਚੋਂ
ਕੋਈ ਇੱਕ ਸ਼ਬਦ ਵੀ ਨਾ ਮਿਲਿਆ..............
ਪਰ ਕਦੇ ਕਦੇ ਚੁੱਪ ਵੀ
ਬਹੁਤ ਅੱਛਾ ਸੰਵਾਦ ਰਚ ਜਾਂਦੀ ਹੈ
ਚੁੱਪ ਦੀ ਬੋਲੀ ਸਮਝ
ਅੱਜ ਤੇਰੇ ਰਿਸ਼ਤਿਆਂ ਦੇ ਬਚਾਅ ਲਈ
ਆਪਣੇ ਲਈ
ਆਪਣੇ ਘਰ ਦਾ ਬੂਹਾ ਬੰਦ ਕਰ
ਸਭ ਕੁਛ ਛੱਡ ਛਡਾ
ਬਿਨਾ ਕੋਈ ਮੰਜ਼ਿਲ ਮਿਥੇ
ਜਾ ਰਿਹਾ ਹਾਂ
ਮੇਰੇ ਰਾਹ ਖਰਚੇ ਲਈ
ਮੇਰੀ ਝੋਲੀ ਗੁੱਸਾ , ਘਿਰਣਾ, ਰੋਸ ਉਲਾਹਮੇ ਪਾ
ਪਰ ਇੱਕ ਬੇਨਤੀ ਹੈ
ਮੇਰੇ ਦੋਸਤ !
ਮੇਰੇ ਲਈ ਨਹੀਂ ,
ਆਪਣੇ ਲਈ ,
ਆਪਣੇ ਪਰਵਾਰ ਲਈ
ਬਸ ਤੂੰ ਘਰ ਮੁੜ ਜਾ
ਘਰ ਮੁੜ ਜਾ
ਮੁੜ ਜਾ.................................

6 comments: